*ਪੁਰਾਣੀ ਪੈਨਸ਼ਨ ਲੈ ਕੇ ਰਹਾਂਗੇ...ਲੈ ਕੇ ਰਹਾਂਗੇ*
*ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਦਾ ਤੁਰੰਤ ਨੋਟੀਫਿਕੇਸ਼ਨ ਕਰੇ, ਨਹੀਂ ਤਾਂ ਰਾਜ ਦੇ ਮੁਲਾਜ਼ਮ ਸਿਖਾਉਣਗੇ ਸਬਕ*
Post. V news 24
By. Vijay Kumar Raman
ਮਾਨਸਾ, 5 ਮਈ, (ਗੁਰਜੰਟ ਸਿੰਘ ਬਾਜੇਵਾਲੀਆ):- ਭਾਵੇਂ ਕੋਰੋਨਾ ਦੀ ਇਸ ਵਿਸ਼ਵ ਵਿਆਪੀ ਮਹਾਂਮਾਰੀ ਦੌਰਾਨ ਪੂਰੀ ਦੁਨੀਆਂ ਤ੍ਰਾਹ-ਤ੍ਰਾਹ ਕਰ ਰਹੀ ਹੈ। ਲੋਕ ਇੱਕ ਪਾਸੇ ਲੋਕ ਆਪਣੀ ਜਾਨ ਬਚਾਉਣ ਲਈ ਆਪਣੇ ਘਰਾਂ ਵਿੱਚ ਬੰਦ ਹੋਣ ਲਈ ਮਜ਼ਬੂਰ ਨੇ ਉੱਥੇ ਦੂਜੇ ਪਾਸੇ ਪੰਜਾਬ ਦੇ ਮੁਲਾਜ਼ਮ ਚਿੰਤਤ ਹਨ ਕਿ ਜੇਕਰ ਉਹ ਜ਼ਿਉਂਦੇ ਵੀ ਰਹਿ ਗਏ ਤਾਂ ਉਨ੍ਹਾਂ ਦਾ ਬੁਢਾਪਾ ਕਿਵੇਂ ਨਿਕਲੇਗਾ। ਕਿਉਂ ਕਿ ਸਮੇਂ ਦੀਆਂ ਸਰਕਾਰਾਂ ਨੇ 2004 ਤੋਂ ਬਾਅਦ ਭਰਤੀ ਹੋਏ ਹਰ ਵਿਭਾਗ ਦੇ ਮੁਲਾਜ਼ਮਾਂ ਨੂੰ ਪੈਨਸ਼ਨ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਹੈ। ਅੱਜ ਇੱਥੇ ਈਟੀਟੀ ਅਧਿਆਪਕ ਯੂਨੀਅਨ ਦੀ ਹੋਈ ਮੀਟਿੰਗ ਦੌਰਾਨ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਰਾਜੇਸ਼ ਕੁਮਾਰ ਬੁਢਲਾਡਾ ਅਤੇ ਜ਼ਿਲ੍ਹਾ ਪ੍ਰਧਾਨ ਖੁਸ਼ਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅਸੀਂ ਸਮੇਂ ਦੀ ਸਰਕਾਰ ਨਾਲ ਬਹੁਤ ਮੀਟਿੰਗਾਂ, ਮੰਗ-ਪੱਤਰ, ਫਰਿਆਦ ਕਰ ਕੇ ਵੇਖ ਲਈ ਕਿ ਸਾਨੂੰ ਸਾਡਾ ਪੈਨਸ਼ਨ ਦਾ ਹੱਕ ਦੇ ਦੇਵੋ, ਪਰ ਕੈਪਟਨ ਸਰਕਾਰ ਹਰ ਵਾਰ ਲਾਰੇ ਲਗਾ ਕੇ ਆਪਣਾ ਸਮਾਂ ਲੰਘਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਲੱਗਭੱਗ ਸਾਰੇ ਵਿਧਾਇਕ ਵੀ ਹੁਣ ਪੁਰਾਣੀ ਪੈਨਸ਼ਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਸਿਫਾਰਸ਼ ਭੇਜ ਚੁੱਕੇ ਹਨ, ਪ੍ਰੰਤੂ ਇਹ ਤਾਨਾਸ਼ਾਹ ਹਕੂਮਤ ਆਪਣੀਆਂ ਮਨਮਾਨੀਆਂ ਕਰ ਰਹੀ ਹੈ। ਜਿਸ ਨੂੰ ਹੁਣ ਪੰਜਾਬ ਦੇ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਈਟੀਟੀ ਅਧਿਆਪਕ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਦਿਨੇਸ਼ ਰਿਸ਼ੀ ਨੇ ਕਿਹਾ ਕਿ ਇੱਕ ਮੁਲਾਜ਼ਮ 58 ਸਾਲ ਤੱਕ ਦੀ ਆਪਣੀ ਨੌਜਵਾਨ ਸ਼ਕਤੀ ਸਰਕਾਰ ਦੇ ਲੇਖੇ ਲਾ ਦਿੰਦਾ ਹੈ, ਇਸ ਤੋਂ ਬਾਅਦ ਸਰਕਾਰ ਉਸ ਨੂੰ ਪੈਨਸ਼ਨ ਤੋਂ ਵਾਂਝੇ ਰੱਖ ਕੇ ਉਸ ਦੇ ਸਾਰੀ ਉਮਰ ਦੇ ਜਮ੍ਹਾਂ ਕੀਤੇ ਪੈਸੇ ਨੂੰ ਸ਼ੇਅਰ ਮਾਰਕਿਟ ਵਿੱਚ ਲਗਾ ਕੇ ਉਸ ਦਾ ਬੁਢਾਪਾ ਰੋਲ ਦਿੰਦੀ ਹੈ ਜਦ ਕਿ ਭਾਵੇਂ ਇੱਕ ਦਿਨ ਲਈ ਵੀ ਬਣੇ ਆਪਣੇ ਵਿਧਾਇਕਾਂ, ਮੰਤਰੀਆਂ ਨੂੰ ਸਾਰੀ ਉਮਰ ਦੀ ਪੈਨਸ਼ਨ ਦੇ ਕੇ ਦੋਗਲੀ ਰਾਜਨੀਤੀ ਕਰ ਰਹੀ ਹੈ। ਇਸ ਮੌਕੇ ਜੰਥੇਬੰਦੀ ਦੀ ਜ਼ਿਲ੍ਹਾ ਸਰਪ੍ਰਸਤ ਮੈਡਮ ਹਰਪਾਲ ਕੌਰ ਮਾਨਸਾ ਅਤੇ ਮਰਨ ਵਰਤ ਤੇ ਬੈਠੇ ਯੋਧੇ ਲਖਵੀਰ ਸਿੰਘ ਬੋਹਾ ਨੇ ਕਿਹਾ ਕਿ ਈਟੀਟੀ ਅਧਿਆਪਕ ਯੂਨੀਅਨ ਉਹ ਜੰਥੇਬੰਦੀ ਹੈ ਜਿਸ ਨੇ 2006 ਵਿੱਚ ਇਹੀ ਕੈਪਟਨ ਸਰਕਾਰ ਨੂੰ ਪੱਕੀ ਰੈਗੂਲਰ ਭਰਤੀ ਕਰਨ ਅਤੇ 2014 ਵਿੱਚ ਉਸ ਸਮੇਂ ਦੀ ਸਰਕਾਰ ਨੂੰ ਸੰਵਿਧਾਨ ਦੀ 73 ਵੀਂ ਧਾਰਾ ਤੁੜਵਾ ਕੇ ਪੰਚਾਇਤੀ ਰਾਜ ਤੋਂ ਸਿੱਖਿਆ ਵਿਭਾਗ ਵਿੱਚ ਵਾਪਸੀ ਲਈ ਮਜ਼ਬੂਰ ਕਰ ਦਿੱਤਾ ਸੀ। ਸੋ ਸਰਕਾਰ ਹੁਣ ਸਾਡਾ ਹੋਰ ਇਮਤਿਹਾਨ ਨਾ ਲਵੇ, ਪੁਰਾਣੀ ਪੈਨਸ਼ਨ ਦਾ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ, ਨਹੀਂ ਤਾਂ ਪੰਜਾਬ ਦੇ ਸਮੁੱਚੇ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਖ-ਵੱਖ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਰਾਜ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਦਾ ਉਹ ਬਿਗਲ ਬਜਾਉਣਗੇ ਜੋ ਕਿਸੇ ਸਰਕਾਰ ਨੇ ਅੱਜ ਤੱਕ ਵੇਖਿਆ ਨਹੀਂ ਹੋਣਾ।
0 Comments