*ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਆਪਣੇ ਹੀ ਲੋਕ ਸਭਾ ਹਲਕੇ ਹੁਸ਼ਿਆਰਪੁਰ ਚ ਪਹੁੰਚਣ ਤੇ ਸਥਾਨਕ ਕਿਸਾਨ ਜਥੇਬੰਦੀਆਂ ਵੱਲੋਂ ਜ਼ੋਰਦਾਰ ਵਿਰੋਧ*

 *ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਆਪਣੇ ਹੀ ਲੋਕ ਸਭਾ ਹਲਕੇ ਹੁਸ਼ਿਆਰਪੁਰ ਚ ਪਹੁੰਚਣ ਤੇ ਸਥਾਨਕ ਕਿਸਾਨ ਜਥੇਬੰਦੀਆਂ ਵੱਲੋਂ ਜ਼ੋਰਦਾਰ ਵਿਰੋਧ*

*ਕਿਸਾਨ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਭਾਜਪਾ ਆਗੂਆਂ ਦਾ ਕਾਲੇ ਕਾਨੂੰਨ ਰੱਦ ਹੋਣ ਤੱਕ ਇਸ ਤਰੀਕੇ ਨਾਲ ਹੀ ਵਿਰੋਧ ਹੁੰਦਾ ਰਹੇਗਾ*

Post.   V news 24
    By.   Vijay Kumar Raman
    On.   5 Aprial, 2021
ਹੁਸ਼ਿਆਰਪੁਰ, 5 ਅਪ੍ਰੈਲ (V news 24 ਬਿਓਰੋ): - ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦਾ ਪੰਜਾਬ ਪੱਧਰ 'ਤੇ ਘਿਰਾਓ ਨਿਰੰਤਰ ਜਾਰੀ ਹੈ। ਇਸੇ ਲੜੀ ਵਿੱਚ ਬੀਤੇ ਐਤਵਾਰ ਨੂੰ ਆਪਣੇ ਹੀ ਲੋਕ ਸਭਾ ਹਲਕੇ ਹੁਸ਼ਿਆਰਪੁਰ ਵਿਖੇ ਪਹੁੰਚੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਵੀ ਗ੍ਰਹਿ ਜਿਲ੍ਹੇ ਦੇ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।

ਸੰਯੁਕਤ ਕਿਸਾਨ ਮੋਰਚਾ ਅਤੇ ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਜਥੇਬੰਦੀਆਂ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਹੁਸ਼ਿਆਰਪੁਰ ਆਉਣ 'ਤੇ ਸਖ਼ਤ ਵਿਰੋਧ ਕੀਤਾ ਗਿਆ ਅਤੇ ਸੋਮ ਪ੍ਰਕਾਸ਼ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਕਾਲੇ ਕਾਨੂੰਨ ਵਾਪਸ ਲਾਓ ਆਦਿ ਨਾਅਰੇ ਲਾ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।

ਜਦੋਂ ਹੀ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਰੇਲਵੇ ਰੋਡ ਹੁਸ਼ਿਆਰਪੁਰ ਪਹੁੰਚੇ ਤਾਂ ਇਸੇ ਦੌਰਾਨ ਹੀ ਕਿਸਾਨ ਆਗੂਆਂ ਨੇ ਉਨ੍ਹਾਂ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੇ ਪਹਿਲਾਂ ਤੋਂ ਹੀ ਸੁਚੇਤ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਬੈਰੀਕੇਡਿੰਗ ਕੀਤੀ ਹੋਈ ਸੀ, ਪਰ ਇਸ ਦੀ ਪਰਵਾਹ ਨਾ ਕਰਦਿਆਂ ਕਿਸਾਨ ਆਗੂਆਂ ਨੇ ਬੈਰੀਕੇਡਿੰਗ ਨੂੰ ਵੀ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਅਤੇ ਕੇਂਦਰੀ ਮੰਤਰੀ ਦੇ ਕਾਫ਼ਲੇ ਨੂੰ ਸੁਰੱਖਿਅਤ ਕੱਢ ਲਿਆ ਗਿਆ।


ਇਸ ਮੌਕੇ ਸੰਘਰਸ਼ਸ਼ੀਲ ਕਿਸਾਨ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਭਾਜਪਾ ਆਗੂਆਂ ਦਾ ਕਾਲੇ ਕਾਨੂੰਨ ਰੱਦ ਹੋਣ ਤੱਕ ਇਸ ਤਰੀਕੇ ਨਾਲ ਹੀ ਵਿਰੋਧ ਹੁੰਦਾ ਰਹੇਗਾ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਆਗੂ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਤਾਂ ਜੋ ਪੰਜਾਬ 'ਚ ਰਾਸ਼ਟਰਪਤੀ ਰਾਜ ਲਾ ਕੇ ਆਪਣੀਆਂ ਤਾਨਾਸ਼ਾਹੀ ਨੀਤੀਆਂ ਲਾਗੂ ਕਰ ਸਕੇ ਅਤੇ ਪੰਜਾਬ ਦੇ ਲੋਕਾਂ 'ਤੇ ਜਬਰ ਕਰ ਕੇ ਪੰਜਾਬ ਨੂੰ ਹੋਰ ਬਰਬਾਦ ਕਰਨਾ ਚਾਹੁੰਦੇ ਹਨ। ਇਸ ਮੌਕੇ ਗੁਰਨਾਮ ਸਿੰਘ ਸਿੰਗੜੀਵਾਲਾ, ਕਾਮਰੇਡ ਗੁਰਮੇਜ ਸਿੰਘ, ਵਿਕਾਸ ਹੰਸ, ਮਾਸਟਰ ਦਵਿੰਦਰ ਸਿੰਘ ਕੱਕੋਂ, ਕਰਨੈਲ ਸਿੰਘ ਲਵਲੀ, ਜਗਤਾਰ ਸਿੰਘ ਭਿੰਡਰ, ਕਸ਼ਮੀਰੀ ਬਿੱਲਾ, ਸਿਮਰਨਜੀਤ ਸਿੰਘ ਸੇਮਾ, ਮਨੀਤ ਸਿੰਘ, ਕਾਮਰੇਡ ਕਮਲਜੀਤ ਸਿੰਘ ਰਾਜਪੁਰ ਭਾਈਆਂ, ਰਛਪਾਲ ਸਿੰਘ ਲੱਭਾ, ਗੁਰਜਾਪ ਸਿੰਘ ਜੌਹਲ, ਮਨਪ੍ਰੀਤ ਸਿੰਘ ਸਹੋਤਾ, ਦਲਵੀਰ ਸਿੰਘ, ਸ਼ਰਨਜੀਤ ਸਿੰਘ, ਦੀਪਕ ਮੱਲ, ਲੰਬੜਦਾਰ ਅਮਨਦੀਪ ਸਿੰਘ, ਅੰਮਿ੍ਤਪਾਲ ਸਿੰਘ ਅਰੋੜਾ ਆਦਿ ਵੱਡੀ ਗਿਣਤੀ ਵਿਚ ਕਿਸਾਨ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।

Post a Comment

0 Comments