*ਕਾਂਗਰਸ ਸਰਕਾਰ ਦੇ ਰਾਜ ’ਚ ਜਲੰਧਰ ਸ਼ਹਿਰ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਬਸਪਾ ਦਾ ਪ੍ਰਦਰਸ਼ਨ*
*ਪੀੜਤ ਲੋਕਾਂ ਨੂੰ ਬਸਪਾ ਨਾਲ ਸੰਗਠਿਤ ਹੋ ਕੇ ਮਾੜੀ ਵਿਵਸਥਾ ਬਦਲਣ ਲਈ ਅੱਗੇ ਆਉਣਾ ਚਾਹੀਦਾ ਹੈ - ਵਿਜੇ ਯਾਦਵ ਤੇ ਬਲਵਿੰਦਰ ਕੁਮਾਰ *
ਜਲੰਧਰ,28 ਫਰਵਰੀ(ਵਿਜੈ ਕੁਮਾਰ ਰਮਨ):- ਬਹੁਜਨ ਸਮਾਜ ਪਾਰਟੀ, ਜਲੰਧਰ ਸ਼ਹਿਰੀ ਵੱਲੋਂ ਅੱਜ 28 ਫਰਵਰੀ ਨੂੰ ਪਠਾਨਕੋਟ ਰੋਡ ਰੇਰੂ ਚੌਕ ’ਤੇ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਹ ਪੁਤਲਾ ਸ਼ਹਿਰ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਆਮ ਲੋਕਾਂ ਨਾਲ ਹੋਣ ਵਾਲੀ ਬੇਇਨਸਾਫੀ ਨੂੰ ਲੈ ਕੇ ਫੂਕਿਆ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਬਸਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਵਿਜੇ ਯਾਦਵ ਨੇ ਕੀਤੀ, ਜਦਕਿ ਇਸ ਵਿੱਚ ਵਿਸ਼ੇਸ਼ ਤੌਰ ’ਤੇ ਬਸਪਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਪਹੁੰਚੇ। ਇਸ ਮੌਕੇ ’ਤੇ ਬੋਲਦਿਆਂ ਬਸਪਾ ਆਗੂਆਂ ਨੇ ਕਿਹਾ ਕਿ ਜਲੰਧਰ ਸ਼ਹਿਰ ਦੇ ਚਾਰੇ ਵਿਧਾਨਸਭਾ ਹਲਕਿਆਂ ਵਿੱਚ ਕਾਨੂੰਨ ਵਿਵਸਥਾ ਬਿਲਕੁੱਲ ਵਿਗੜ ਚੁੱਕੀ ਹੈ। ਆਮ ਲੋਕਾਂ, ਖਾਸ ਤੌਰ ’ਤੇ ਦਲਿਤ ਪੱਛੜੇ ਵਰਗਾਂ ਨਾਲ ਰੋਜ਼ਾਨਾ ਹੀ ਧੱਕੇ ਹੋ ਰਹੇ ਹਨ ਅਤੇ ਉਨ੍ਹਾਂ ’ਤੇ ਹਮਲੇ ਹੋ ਰਹੇ ਹਨ। ਜਦੋਂ ਪੀੜਤ ਲੋਕ ਪੁਲਸ ਪ੍ਰਸ਼ਾਸਨ ਕੋਲ ਇਨਸਾਫ ਲੈਣ ਲਈ ਜਾਂਦੇ ਹਨ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਪੁਲਸ ਸੱਤਾਧਾਰੀ ਲੋਕਾਂ ਦੇ ਪ੍ਰਭਾਵ ਹੇਠ ਉਨ੍ਹਾਂ ਨੂੰ ਇਨਸਾਫ ਦੇਣ ਤੋਂ ਇਨਕਾਰ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮ ਲੋਕਾਂ ਨੂੰ ਰੋਜ਼ਾਨਾ ਹੀ ਪੁਲਸ ਨਾਕਿਆਂ ’ਤੇ ਪਰੇਸ਼ਾਨ ਕੀਤਾ ਜਾਂਦਾ ਹੈ। ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਵਿੱਚ ਕੋਈ ਫਰਕ ਨਹੀਂ। ਪੀੜਤ ਲੋਕਾਂ ਨੂੰ ਬਸਪਾ ਨਾਲ ਸੰਗਠਿਤ ਹੋ ਕੇ ਮਾੜੀ ਵਿਵਸਥਾ ਬਦਲਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ’ਤੇ ਬਸਪਾ ਆਗੂ ਵਰਿੰਦਰ ਬਿੱਲਾ, ਮਦਨ ਬਿੱਲਾ ਸੰਤੋਖਪੁਰਾ, ਸਰਪੱੰਚ ਰਾਜ ਕੁਮਾਰ ਰਾਣਾ, ਦਵਿੰਦਰ ਗੋਗਾ, ਸ਼ਾਮ ਕਟਾਰੀਆ, ਸਤਪਾਲ ਮਕਸੂਦਾਂ, ਜਸਪਾਲ ਰਾਮ ਨਗਰ, ਵਿਸ਼ਾਲ ਨਾਗਰਾ, ਦਲਵਿੰਦਰ ਮਕਸੂਦਾਂ, ਕਸਤੂਰੀ ਲਾਲ ਆਦਿ ਵੀ ਮੌਜ਼ੂਦ ਸਨ।
0 Comments