ਮਿਸ਼ਨ ਰੈਡ ਸਕਾਈ ਤਹਿਤ ਨਸ਼ਾ ਛੁਡਾਊ ਕੇਂਦਰ ’ਚ ਇਲਾਜ ਕਰਵਾ ਰਹੇ ਬੇਰੋਜ਼ਗਾਰ ਲੋਕਾਂ ਨੂੰ ਬਣਾਇਆ ਜਾਵੇਗਾ ਆਤਮ ਨਿਰਭਰ : ਅਪਨੀਤ ਰਿਆਤ
ਡਿਪਟੀ ਕਮਿਸ਼ਨਰ ਨੇ ਇਸ ਪ੍ਰੋਜੈਕਟ ਨੂੰ ਸਫਲਤਾਪੂਰਵਕ ਚਲਾਉਣ ਸਬੰਧੀ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਕਿਹਾ ਹਰ ਰੈਡ ਸਕਾਈ ਅਧਿਕਾਰੀ ਓ.ਓ.ਏ.ਟੀ. ਸੈਂਟਰਾਂ ’ਚ ਕਰੇਗਾ 10 ਬੇਰੁਜ਼ਗਾਰ ਲੋਕਾਂ ਦੀ ਪਹਿਚਾਣ
ਘਰ-ਘਰ ਰੋਜ਼ਗਾਰ ਅਭਿਆਨ ਤਹਿਤ ਨਸ਼ਾ ਛੱਡਣ ਲਈ ਇਲਾਜ ਕਰਵਾ ਰਹੇ ਲੋਕਾਂ ਨੂੰ ਰੋਜ਼ਗਾਰ ਦੇ ਬੇਹਤਰ ਮੌਕੇ ਉਪਲਬੱਧ ਕਰਵਾ ਕੇ ਉਨ੍ਹਾਂ ਦਾ ਪੂਨਰਵਾਸ ਕਰਨਾ ਹੈ ਮਿਸ਼ਨ ਦਾ ਉਦੇਸ਼
ਹੁਸ਼ਿਆਰਪੁਰ, 15 ਫਰਵਰੀ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਅਭਿਆਨ ਵਲੋਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਵਿਅਕਤੀਆਂ ਨੂੰ ਰੋਜ਼ਗਾਰ/ਸਵੈਰੋਜ਼ਗਾਰ ਦੇ ਕਾਬਲ ਬਨਾਉਣ ਲਈ ਮਿਸ਼ਨ ਰੈਡ ਸਕਾਈ ਸ਼ੁਰੂ ਕੀਤਾ ਗਿਆ ਹੈ। ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਸ ਪ੍ਰੋਜੈਕਟ ਸਬੰਧੀ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਬੁਲਾਈ ਗਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਇਲਾਜ ਕਰਵਾ ਰਹੇ ਬੇਰੋਜ਼ਗਾਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਪੂਨਰਵਾਸ ਕਰਨਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਜੁੜਿਆ ਹਰ ਅਧਿਕਾਰੀ ਮਿਸ਼ਨ ਰੈਡ ਸਕਾਈ ਅਫ਼ਸਰ ਹੈ ਅਤੇ ਹਰ ਅਧਿਕਾਰੀ ਜ਼ਿਲ੍ਹੇ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ 10 ਲੋਕਾਂ ਦੀ ਪਹਿਚਾਣ ਕਰੇਗਾ ਜਿਨ੍ਹਾਂ ਨੂੰ ਰੋਜਗਾਰ ਦਿਵਾਇਆ ਜਾ ਸਕੇ ਜਾਂ ਸਵੈ-ਰੋਜ਼ਗਾਰ ਲਈ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਮੇਂ ਜ਼ਿਲ੍ਹੇ ਵਿੱਚ 14 ਓ.ਓ.ਏ.ਟੀ. ਸੈਂਟਰ ਚੱਲ ਰਹੇ ਹਨ ਅਤੇ ਹਰ ਸਬੰਧਤ ਅਧਿਕਾਰੀ ਨੂੰ ਵੱਖ-ਵੱਖ ਓ.ਓ.ਏ.ਟੀ. ਸੈਂਟਰ ਅਲਾਟ ਕੀਤੇ ਜਾਣਗੇ ਜਿਥੇ ਜਾ ਕੇ ਉਹ ਕੇਂਦਰ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ 10 ਲੋਕਾਂ ਦੀ ਪਹਿਚਾਣ ਕਰੇਗਾ, ਜਿਸ ਵਿੱਚ ਉਨ੍ਹਾਂ ਦੀ ਸਿੱਖਿਆ, ਸਕਿੱਲ ਆਦਿ ਸਬੰਧੀ ਸਾਰਾ ਵੇਰਵਾ ਲਵੇਗਾ ਤਾਂ ਜੋ ਉਨ੍ਹਾਂ ਦੀ ਯੋਗਤਾ ਅਨੁਸਾਰ ਉਨ੍ਹਾਂ ਨੂੰ ਅਡਜਸਟ ਕੀਤਾ ਜਾ ਸਕੇ।
ਅਪਨੀਤ ਰਿਆਤ ਨੇ ਦੱਸਿਆ ਕਿ ਜਿਹੜਾ ਵਿਅਕਤੀ ਨਸ਼ਾ ਛੱਡ ਕੇ ਆਪਣਾ ਕੰਮਕਾਜ ਸ਼ੁਰੂ ਕਰਨਾ ਚਾਹੁੰਦਾ ਹੈ, ਉਸ ਲਈ ਮਿਸ਼ਨ ਰੈਡ ਸਕਾਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਨੂੰ ਕੇਂਦਰ ਅਤੇ ਰਾਜ ਸਰਕਾਰ ਵਲੋਂ ਚੱਲ ਰਹੀਆਂ ਵੱਖ-ਵੱਖ ਯੋਜਨਾਵਾਂ ਤਹਿਤ ਸਵੈਰੋਜ਼ਗਾਰ ਲਈ ਵੀ ਸਹਾਇਤਾ ਦਿੱਤੀ ਜਾਵੇਗੀ ਅਤੇ ਬੈਂਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਕਰਜਾ ਵੀ ਮੁਹੱਈਆ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਨਸ਼ਾ ਛੱਡ ਆਪਣਾ ਇਲਾਜ ਕਰਵਾ ਰਹੇ ਵਿਅਕਤੀਆਂ ਨੂੰ ਹੁਨਰ ਸਿਖਲਾਈ ਤਹਿਤ ਰੋਜ਼ਗਾਰ ਦੇ ਕਾਬਲ ਬਨਾਉਣਾ ਹੈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
0 Comments