ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਈ-ਕਾਰਡ ਤੇਜ਼ੀ ਨਾਲ ਬਣਾਏ ਜਾਣ : ਅਪਨੀਤ ਰਿਆਤ

ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਈ-ਕਾਰਡ ਤੇਜ਼ੀ ਨਾਲ ਬਣਾਏ ਜਾਣ : ਅਪਨੀਤ ਰਿਆਤ
ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਸਾਰੇ ਲਾਭਪਾਤਰੀਆਂ ਦੇ ਕਾਰਡ ਬਨਾਉਣ ਦੇ ਨਿਰਦੇਸ਼
ਕਿਹਾ ਕੋਈ ਵੀ ਯੋਗ ਲਾਭਪਾਤਰੀ ਸਰਕਾਰ ਦੀ ਇਸ ਸੁਵਿਧਾ ਤੋਂ ਨਾ ਰਹੇ ਵਾਂਝਾ
ਹੁਣ ਤੱਕ ਜ਼ਿਲ੍ਹੇ ’ਚ 23991 ਲਾਭਪਾਤਰੀ ਲੈ ਚੁੱਕੇ ਹਨ 18,81,47,669 ਰੁਪਏ ਦੇ ਇਲਾਜ ਦੀ ਸੁਵਿਧਾ
ਯੋਜਨਾ ਤਹਿਤ ਲਾਭਪਾਤਰੀ ਪਰਿਵਾਰ ਸਲਾਨਾ 5 ਲੱਖ ਰੁਪਏ ਤੱਕ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲ ’ਚ ਹੈ ਕੈਸ਼ਲੈਸ ਇਲਾਜ ਦੀ ਲੈ ਸਕਦਾ ਹੈ ਸਹੂਲਤ
ਹੁਸ਼ਿਆਰਪੁਰ, 15 ਫਰਵਰੀ: ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਨਾਉਣ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾਣ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਲਾਭਪਾਤਰੀਆਂ ਦੇ ਈ-ਕਾਰਡ ਤਰਜੀਹ ਦੇ ਆਧਾਰ ’ਤੇ ਬਣਾਏ ਜਾਣ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੋਗ ਲਾਭਪਾਤਰੀਆਂ ਲਈ ਇਹ ਬਹੁਤ ਫਾਇਦੇਮੰਦ ਯੋਜਨਾ ਹੈ ਅਤੇ ਇਸ ਯੋਜਨਾ ਤਹਿਤ ਰਜਿਸਟਰਡ ਪਰਿਵਾਰ ਦੇ ਕਿਸੇ ਵੀ ਵਿਅਕਤੀ ਦਾ ਸਲਾਨਾ 5 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਜ਼ਿਲ੍ਹੇ ਦੇ 2,12,664 ਪਰਿਵਾਰ ਹਨ ਜਿਨ੍ਹਾਂ ਵਿੱਚ 1,20,143 ਪਰਿਵਾਰਾਂ ਦਾ ਈ-ਕਾਰਡ ਬਣਵਾਇਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ 23991 ਲਾਭਪਾਤਰੀ ਇਸ ਯੋਜਨਾ ਤਹਿਤ 18,81,47,669 ਰੁਪਏ ਦੇ ਇਲਾਜ ਦੀ ਸੁਵਿਧਾ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਈ-ਕਾਰਡ ਬਨਾਉਣ ਲਈ ਯੋਜਨਾਬੱਧ ਢੰਗ ਨਾਲ ਜ਼ਰੂਰਤਮੰਦਾਂ ਤੱਕ ਪਹੁੰਚ ਯਕੀਨੀ ਬਣਾਈ ਜਾਵੇ ਅਤੇ ਅਗੇਤੇ ਤੌਰ ’ਤੇ ਜਾਗਰੂਕਤਾ ਪੈਦਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕੋਈ ਵੀ ਯੋਗ ਲਾਭਪਾਤਰੀ ਆਪਣੇ ਦਸਤਾਵੇਜ਼ਾਂ ਰਾਹੀਂ ਰਜਿਸਟਰੇਸ਼ਨ ਕਰਵਾ ਸਕਦਾ ਹੈ ਜਿਸ ਤਹਿਤ ਸਮਾਰਟ ਰਾਸ਼ਨ ਕਾਰਡ, ਆਧਾਰ ਕਾਰਡ ਜਾਂ ਰਾਸ਼ਨ ਕਾਰਡ, ਛੋਟੇ ਵਪਾਰੀ ਆਪਣਾ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਪੈਨ ਕਾਰਡ, ਛੋਟੇ ਕਿਸਾਨ ਆਪਣਾ ਜੇ ਫਾਰਮ, ਰਾਸ਼ਨ ਕਾਰਡ, ਆਧਾਰ ਕਾਰਡ, ਉਸਾਰੀ ਭਲਾਈ ਬੋਰਡ ਤਹਿਤ ਰਜਿਸਟਰਡ ਮਜ਼ਦੂਰ ਆਪਣਾ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਰਜਿਸਟਰੇਸ਼ਨ ਕਾਰਡ ਰਾਹੀਂ ਈ-ਕਾਰਡ ਬਣਵਾ ਸਕਦਾ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ ਜਾਰੀ ਪ੍ਰੈਸ ਮਾਨਤਾ ਕਾਰਡ (ਗੁਲਾਬੀ ਕਾਰਡ) ਜਾਂ ਪ੍ਰੈਸ ਸ਼ਨਾਖਤੀ ਕਾਰਡ (ਪੀਲਾ ਕਾਰਡ) ਧਾਰਕ ਪੱਤਰਕਾਰ ਆਪਣੇ ਨੇੜਲੇ ਸੇਵਾ ਕੇਂਦਰਾਂ ਵਿੱਚ ਕੰਮਕਾਜ ਵਾਲੇ ਦਿਨ ਕਿਸੇ ਵੀ ਦਿਨ ਆ ਕੇ ਆਪਣਾ ਈ-ਕਾਰਡ ਬਣਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਏਜੰਸੀ ਸੀ.ਐਸ.ਸੀ. ਅਤੇ ਵੀਡਾਲ ਦੇ ਨੁਮਾਇੰਦਿਆਂ ਵਲੋਂ ਇਹ ਕਾਰਡ ਬਨਾਉਣ ਲਈ 30 ਰੁਪਏ ਫੀਸ ਲੈ ਕੇ ਇਹ ਸਹੂਲਤ ਉਪਲਬੱਧ ਕਰਵਾਈ ਜਾ ਰਹੀ ਹੈ।

  ਅਪਨੀਤ ਰਿਆਤ ਨੇ ਈ-ਕਾਰਡ ਸਬੰਧੀ ਚੱਲ ਰਹੀ ਮੁਹਿੰਮ ਦੀ ਸਮੀਖਿਆ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪੋ-ਆਪਣੇ ਵਿਭਾਗਾਂ ਨਾਲ ਸਬੰਧਤ ਲਾਭਪਾਤਰੀਆਂ ਦੇ ਕਾਰਡ ਬਨਾਉਣ ਦੀ ਪ੍ਰਕਿਰਿਆਂ ਨੂੰ ਤੇਜ਼ ਕਰਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਪ ਮੰਡਲ ਮੈਜਿਸਟਰੇਟਾਂ ਨਾਲ ਰਾਬਤਾ ਰੱਖਣ ਤਾਂ ਜੋ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਈ-ਕਾਰਡ ਬਨਾਉਣ ਵਾਲੀ ਏਜੰਸੀ ਸੀ.ਐਸ.ਸੀ. ਅਤੇ ਵੀਡਾਲ ਦੇ ਨੁਮਾਇੰਦਿਆਂ ਵਲੋਂ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟਾਈਪ-1 ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਸੇਵਾ ਕੇਂਦਰਾਂ ਵਿੱਚ 17 ਫਰਵਰੀ ਤੋਂ ਸਾਰੇ ਯੋਗ ਲਾਭਪਾਤਰੀਆਂ ਦੇ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਬਣਾਏ ਜਾਣਗੇ ਜਦਕਿ ਜ਼ਿਲ੍ਹੇ ਦੇ ਟਾਈਪ-2 ਸੇਵਾ ਕੇਂਦਰਾਂ ਜਿਨ੍ਹਾਂ ਵਿੱਚ ਗੜ੍ਹਸ਼ੰਕਰ, ਮਾਹਿਲਪੁਰ, ਸੇਵਾ ਕੇਂਦਰ ਦਾਣਾ ਮੰਡੀ (ਰਹੀਮਪੁਰ) ਹੁਸ਼ਿਆਰਪੁਰ, ਆਈ.ਟੀ.ਆਈ. ਹਰਿਆਣਾ, ਸਬ-ਤਹਿਸੀਲ ਗੜ੍ਹਦੀਵਾਲਾ, ਦਸੂਹਾ ਤਹਿਸੀਲ ਕੰਪਲੈਕਸ, ਸਬ-ਡਵੀਜ਼ਨ ਕੰਪਲੈਕਸ ਮੁਕੇਰੀਆਂ, ਕਮਿਊਨਿਟੀ ਸੈਂਟਰ ਹਾਜੀਪੁਰ, ਸਬ-ਤਹਿਸੀਲ ਕੰਪਲੈਕਸ ਤਲਵਾੜਾ, ਸਬ-ਤਹਿਸੀਲ ਕੰਪਲੈਕਸ ਟਾਂਡਾ ਵਿੱਚ ਸਾਰੇ ਯੋਗ ਲਾਭਪਾਤਰੀ 22 ਫਰਵਰੀ ਤੋਂ ਈ-ਕਾਰਡ ਬਣਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਈ-ਕਾਰਡ ਬਨਾਉਣ ਵਾਲੀ ਕੰਪਨੀ ਵਲੋਂ ਵੱਖ-ਵੱਖ ਥਾਵਾਂ ’ਤੇ ਜਾ ਕੇ ਕੈਂਪ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਾਰਡ ਬਨਾਉਣ ਲਈ www.sha.punjab.gov.in  ਰਾਹੀਂ ਯੋਗਤਾ ਜਾਣੀ ਜਾ ਸਕਦੀ ਹੈ।
ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਅਮਿਤ ਮਹਾਜਨ, ਐਸ.ਡੀ.ਐਮ. ਮੁਕੇਰੀਆਂ ਅਸ਼ੋਕ ਕੁਮਾਰ, ਐਸ.ਡੀ.ਐਮ. ਗੜ੍ਹਸ਼ੰਕਰ ਹਰਬੰਸ ਸਿੰਘ, ਐਸ.ਡੀ.ਐਮ. ਦਸੂਹਾ ਰਣਦੀਪ ਸਿੰਘ ਹੀਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।
ਜ਼ਿਲ੍ਹੇ ਦੇ 15 ਪ੍ਰਾਈਵੇਟ ਹਸਪਤਾਲ ਹਨ ਸੂਚੀਬੱਧ:
  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ 15 ਪ੍ਰਾਈਵੇਟ ਹਸਪਤਾਲ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਸੂਚੀਬੱਧ ਕੀਤੇ ਗਏ ਹਨ। ਇਨ੍ਹਾਂ ਹਸਪਤਾਲਾਂ ਵਿੱਚ ਧਾਮੀ ਹਸਪਤਾਲ, ਆਈ.ਵੀ.ਵਾਈ. ਹਸਪਤਾਲ, ਨਾਰਦ ਹਸਪਤਾਲ, ਪੀ.ਆਰ.ਕੇ. ਐਮ. ਮਾਡਰਨ ਹਸਪਤਾਲ, ਪਬਲਿਕ ਹਸਪਤਾਲ, ਰਮਨ ਪ੍ਰੀਤ ਹਸਪਤਾਲ, ਰਿਸ਼ੀ ਆਈ ਕੇਅਰ ਸੈਂਟਰ, ਆਰ.ਆਰ.ਐਮ. ਸੈਂਟਰਲ ਹਸਪਤਾਲ, ਐਸ.ਬੀ.ਆਈ. ਕੇਅਰ ਹਸਪਤਾਲ, ਸ਼ਿਵਮ ਹਸਪਤਾਲ, ਸਵਾਮੀ ਪਰਮਾਨੰਦ ਚੈਰੀਟੇਬਲ ਹਸਪਤਾਲ, ਥਿੰਦ ਆਈ ਹਸਪਤਾਲ, ਐਡਵਾਂਸ ਆਈ ਕੇਅਰ ਸੈਂਟਰ ਦਸੂਹਾ, ਅਮਨ ਹਸਪਤਾਲ, ਯੂਨੀਵਰਸਲ ਹਸਪਤਾਲ ਸ਼ਾਮਲ ਹਨ।

Post a Comment

0 Comments