ਅੰਗਰੇਜ਼ੀ ਦਾ ਯੂ-ਟਰਨ ਨੂੰ ਹਿੰਦੀ-ਪੰਜਾਬੀ ਵਿੱਚ ਥੁੱਕ ਕੇ ਚੱਟਣਾ ਕਹਿੰਦੇ ਆ*
*ਹਕੂਮਤਾਂ ਦੇ ਫੈਸਲਿਆਂ ਤੋਂ ਪੰਜਾਬੀ ਨਹੀਂ ਡਰਨਗੇ - ਗੜ੍ਹੀ*
ਚੰਡੀਗੜ੍ਹ, 01 ਸਤੰਬਰ, (ਵਿਜੈ ਕੁਮਾਰ ਰਮਨ) :- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਸ: ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਅੰਗਰੇਜ਼ੀ ਦਾ ਯੂ-ਟਰਨ ਹਿੰਦੀ-ਪੰਜਾਬੀ ਵਿੱਚ ਥੁੱਕ ਕੇ ਚੱਟਣਾ ਬਣ ਜਾਂਦਾ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇਹੋ ਨੀਤੀ ਚੱਲ ਰਹੀ ਹੈ। ਜਨਤਕ ਵਿਰੋਧ ਤੋਂ ਡਰਦਿਆਂ ਫੈਸਲਾ ਵਾਪਸ ਲੈ ਲਿਆ ਵਾਲੀ ਪਿਰਤ ਚੱਲ ਰਹੀ ਹੈ, ਇਹ ਸਭ ਕੁਝ ਪਿਛਲੇ 18 ਮਹੀਨਿਆਂ ਵਿੱਚ ਭਗਵੰਤ ਮਾਨ ਦੀ ਸਰਕਾਰ ਵਿਚ ਹੋਇਆ। ਤਾਜ਼ਾ ਫੈਸਲਾ 13278 ਪਿੰਡਾਂ ਦੀਆਂ ਪੰਚਾਇਤਾਂ ਨੂੰ ਭੰਗ ਕਰਨ ਦੇ ਮਾਮਲੇ ਵਿੱਚ ਲਿਆ ਗਿਆ ਹੈ। ਇਸ ਤੋਂ ਪਹਿਲਾਂ ਜੁਗਾੜੂ ਰੇਹੜੀ ਦਾ ਮਾਮਲਾ, ਮਾਛੀਵਾੜਾ ਵਿੱਚ ਇੰਡਸਟਰੀਅਲ ਪਾਰਕ ਬਣਾਉਣ ਦਾ ਫੈਸਲਾ ਵਾਪਸ ਲੈਣਾ ਆਦਿ ਅਹਿਮ ਹਨ। ਕਹਾਵਤ ਹੈ ਕਿ ਬੱਕਰੀ ਦੁੱਧ ਮੀਂਗਣਾਂ ਪਾ ਕੇ ਦਿੰਦੀ ਹੈ, ਜਦੋਂ ਸਰਕਾਰ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਹਾਲ ਕਰ ਦਿੱਤਾ ਹੈ ਤਾਂ ਪੰਚਾਇਤਾਂ ਦੇ ਫੰਡ ਵੀ ਬਹਾਲ ਕਰਨੇ ਚਾਹੀਦੇ ਹਨ ਤਾਂ ਜੋ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ।
ਜਸਵੀਰ ਗੜ੍ਹੀ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਗਾਰੰਟੀ ਦਿੱਤੀ ਸੀ ਕਿ ਪੰਜਾਬ ਵਿੱਚ ਧਰਨੇ ਨਹੀਂ ਲੱਗਣ ਦਿੱਤੇ ਜਾਣਗੇ, ਪਰ ਅੱਜ ਪੰਜਾਬ ਧਰਨੇ ਵਾਲਾ ਸੂਬਾ ਬਣ ਗਿਆ ਹੈ। ਕਿਸਾਨਾਂ, ਦਲਿਤਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ 'ਤੇ ਨਾ ਸਿਰਫ਼ ਲਾਠੀਚਾਰਜ ਕੀਤਾ ਜਾ ਰਿਹਾ ਹੈ ਸਗੋਂ ਨਿਰਦੋਸ਼ਾਂ ਤੇ ਝੂਠੇ ਪੁਲਿਸ ਕੇਸ ਵੀ ਦਰਜ ਕੀਤੇ ਜਾ ਰਹੇ ਹਨ। ਗੜ੍ਹੀ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿਚ ਪਟਵਾਰ ਯੂਨੀਅਨ ਦੇ ਮੁੱਦੇ 'ਤੇ ਐਸਮਾ ਲਾਗੂ ਕਰਨ ਦਾ ਤਾਨਾਸ਼ਾਹੀ ਫੈਸਲਾ ਦਿੱਤਾ ਹੈ, ਜਿਸ ਵਿਚ ਮੁਲਾਜ਼ਮਾਂ ਦੀਆਂ ਨੌਕਰੀਆਂ ਖੋਹਣ ਦੀ ਧਮਕੀ ਵੀ ਦਿੱਤੀ ਹੈ ਪਰ ਪੰਜਾਬੀ ਨਾ ਤਾਂ ਜ਼ਕਰੀਆ ਦੇ ਸਮੇਂ ਸਿਰ ਦੇਣ ਤੋਂ ਡਰਦੇ ਸਨ ਤੇ ਨਾ ਹੀ ਅੱਜ ਭਗਵੰਤ ਮਾਨ ਦੇ ਜ਼ਕਰੀਆ ਫੈਸਲਿਆਂ ਤੋਂ ਡਰਣਗੇ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਲੋਕਾਂ ਦੇ ਨਾਲ ਹੈ। ਸਰਕਾਰ ਨੂੰ ਅਪੀਲ ਹੈ ਕਿ ਪਟਵਾਰ ਯੂਨੀਅਨ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਗਿਰਦਾਵਰੀ ਦਾ ਕੰਮ ਕਰਵਾਇਆ ਜਾਵੇ ਅਤੇ ਬਹਾਨੇ ਬਣਾਕੇ ਗਿਰਦਾਵਰੀ ਤੋਂ ਭੱਜਣ ਦੀ ਬਜਾਏ ਸਹਿਯੋਗ ਲੈਕੇ ਕੰਮ ਕਰਨ ਤਾਂਕਿ ਕਿਸਾਨਾਂ-ਮਜ਼ਦੂਰਾਂ ਨੂੰ ਮੁਆਵਜ਼ਾ ਮਿਲ ਸਕੇ ਅਤੇ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਹੋ ਸਕਣ।
0 Comments