*ਚਾਰ ਦਿਨ ਪਹਿਲਾਂ ਕੈਨੇਡਾ ਪਹੁੰਚੇ ਜਲੰਧਰ ਦੇ ਨੌਜਵਾਨ ਦੀ ਮੌਤ, ਪਿੰਡ 'ਚ ਛਾਇਆ ਮਾਤਮ*

*ਚਾਰ ਦਿਨ ਪਹਿਲਾਂ ਕੈਨੇਡਾ ਪਹੁੰਚੇ ਜਲੰਧਰ ਦੇ ਨੌਜਵਾਨ ਦੀ ਮੌਤ, ਪਿੰਡ 'ਚ  ਛਾਇਆ ਮਾਤਮ*
ਜਲੰਧਰ, 12 ਸਤੰਬਰ,  (ਵਿਜੈ ਕੁਮਾਰ ਰਮਨ): - ਕੈਨੇਡਾ ਤੋਂ ਇਸ ਸਮੇਂ ਬਹੁਤ ਹੀ ਦੁਖਦਾਈ ਖ਼ਬਰ ਆ ਰਹੀ ਹੈ। ਚਾਰ ਦਿਨ ਪਹਿਲਾਂ ਕੈਨੇਡਾ ਦੇ ਸ਼ਹਿਰ ਬੈਰੀ ਪਹੁੰਚੇ ਜਲੰਧਰ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਦੀ ਪਛਾਣ ਆਦਮਪੁਰ ਹਲਕੇ ਦੇ ਪਿੰਡ ਨੌਲੀ ਵਾਸੀ ਗਗਨਦੀਪ ਸਿੰਘ ਗੁੱਗੂ ਵਜੋਂ ਹੋਈ ਹੈ। ਮ੍ਰਿਤਕ ਦੇ ਚਾਚੇ ਦੇ ਲੜਕੇ ਪਾਲ ਸਿੰਘ ਨੌਲੀ ਨੇ ਦੱਸਿਆ ਕਿ ਉਸ ਦਾ ਭਰਾ ਵਿਆਹਿਆ ਹੋਇਆ ਸੀ ਅਤੇ 6 ਸਤੰਬਰ ਨੂੰ ਕੈਨੇਡਾ ਪਹੁੰਚਿਆ ਸੀ। ਉਸ ਦੀ ਪਤਨੀ ਪਹਿਲਾਂ ਸਟੱਡੀ ਵੀਜ਼ੇ ’ਤੇ ਗਈ ਸੀ। 10 ਸਤੰਬਰ ਨੂੰ ਉਸ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦੀ ਖ਼ਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਦੇ ਪਿਤਾ ਮੋਹਣ ਲਾਲ ਅਤੇ ਮਾਤਾ ਸੀਮਾ ਨੇ ਦੱਸਿਆ ਕਿ ਗਗਨਦੀਪ ਦਾ ਵਿਆਹ ਨਵੰਬਰ 2021 ਨੂੰ ਸੋਫੀ ਪਿੰਡ ਦੀ ਰਹਿਣ ਵਾਲੀ ਲੜਕੀ ਸ਼ੰਮੀ ਨਾਲ ਹੋਇਆ ਸੀ ਅਤੇ ਦਸੰਬਰ 2021 ਨੂੰ ਇੱਕ ਮਹੀਨੇ ਬਾਅਦ ਹੀ ਲੜਕੀ ਕੈਨੇਡਾ ਚਲੀ ਗਈ ਸੀ । ਉਨ੍ਹਾਂ ਦੱਸਿਆ ਕਿ ਹੁਣ ਕੈਨੇਡਾ ਦਾ ਵੀਜ਼ਾ ਲੱਗਣ 'ਤੇ ਗਗਨਦੀਪ 6 ਸਤੰਬਰ ਨੂੰ ਹੀ ਟੋਰਾਂਟੋ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਓਨਟਾਰੀਓ ਦੇ ਸ਼ਹਿਰ ਬੈਰੀ 'ਚ ਆਪਣੀ ਪਤਨੀ ਸ਼ੰਮੀ ਕੋਲ ਪਹੁੰਚਿਆ ਸੀ। ਉਨ੍ਹਾਂ ਦੱਸਿਆ ਕਿ ਜਦ ਗਗਨਦੀਪ ਦੀ ਮੌਤ ਹੋਈ ਤਾਂ ਉਸਦੀ ਪਤਨੀ ਸ਼ੰਮੀ ਕੰਮ 'ਤੇ ਗਈ ਹੋਈ ਸੀ ਅਤੇ ਉਹ ਘਰ 'ਚ ਇਕੱਲਾ ਸੀ। ਉਨ੍ਹਾਂ ਦੱਸਿਆ ਕਿ ਗਗਨਦੀਪ ਦੀ ਮੌਤ ਦੇ ਕਾਰਨਾਂ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗਗਨਦੀਪ ਦੀ ਲਾਸ਼ ਕਬਜ਼ੇ 'ਚ ਲੈ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਁਗੇਗਾ !


ਗਗਨਦੀਪ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਮਾਤਾ ਪਿਤਾ ਨੇ ਬੜੀ ਮੁਸ਼ਕਿਲ ਦੇ ਨਾਲ ਨੌਜਵਾਨ ਪੁੱਤਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਸੇ ਤਰ੍ਹਾਂ ਵਿਦੇਸ਼ ਭੇਜਿਆ ਸੀ । ਗਗਨਦੀਪ ਦੇ ਪਿਛੇ ਪਰਿਵਾਰ 'ਚ ਮਾਤਾ ਪਿਤਾ ਤੇ ਇੱਕ ਭੈਣ ਰਹਿ ਗਏ ਹਨ । ਜਾਣਕਾਰੀ ਮੁਤਾਬਿਕ ਪਰਿਵਾਰ ਆਪਣੇ ਇਕਲੌਤੇ ਪੁੱਤਰ ਗਗਨਦੀਪ ਦੀ ਅੰਤਿਮ ਵਿਦਾਈ ਲਈ ਉਸਦੀ ਦੇਹ ਨੂੰ ਆਪਣੇ ਘਰ ਲਿਆਉਣ ਲਈ ਯਤਨ ਕਰ ਰਹੇ ਹਨ ।

Post a Comment

0 Comments