*ਨਾਕੇ ਤੋਂ 90 ਲੱਖ ਦੀ ਨਕਦੀ ਸਮੇਤ ਠੱਗੀਆ ਮਾਰਨ ਵਾਲੇ ਤਿੰਨ ਟ੍ਰੈਵਲ ਏਜੰਟ ਫੜੇ*
Post : V news 24
ਜਲੰਧਰ, 29 ਦਸੰਬਰ (ਵਿਜੈ ਕੁਮਾਰ ਰਮਨ):- ਜਲੰਧਰ ਮਹਾਨਗਰ ਦੀ ਦਿਹਾਤੀ ਪੁਲਿਸ ਨੂੰ ਮਿਲੀ ਭਾਰੀ ਸਫਲਤਾ ਜਦੋਂ ਥਾਣਾ ਭੋਗਪੁਰ ਦੀ ਪੁਲਸ ਨੇ ਜਲੰਧਰ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਹਾਈਵੇ ਤੇ ਪਿੰਡ ਕੁਰੇਸ਼ੀਆ ਦੇ ਹਾਈਟੈਕ ਨਾਕੇ ਤੇ ' ਨਾਕਾਬੰਦੀ ਦੌਰਾਨ ਇਨੋਵਾ ਗੱਡੀ ਦੀ ਚੈਕਿੰਗ ਕਰਦੇ ਹੋਏ ਉਸ 'ਚੋਂ 90 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ।
ਚੈਕਿੰਗ ਦੌਰਾਨ ਇਨੋਵਾ ਸਵਾਰ ਤਿੰਨ ਨੌਜਵਾਨ ਸਨ। ਜਿਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ 90 ਲੱਖ ਰੁਪਏ ਦਾ ਕਾਲਾ ਧਨ ਹੈ ਅਤੇ ਇਸ ਨੂੰ ਵਿਦੇਸ਼ ਭੇਜਣ ਵਾਲੇ ਏਜੰਟਾਂ ਰਾਹੀਂ ਟਰਾਂਸਫਰ ਕੀਤਾ ਜਾ ਰਿਹਾ ਸੀ। ਇਸ ਲਈ ਪੁਲੀਸ ਨੇ ਸਾਰਾ ਮਾਮਲਾ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤਾ ਹੈ।
ਥਾਣਾ ਭੋਗਪੁਰ ਦੇ ਮੁਖੀ ਰਛਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਖਬਰ ਦੀ ਇਤਲਾਹ 'ਤੇ ਕੁਰੇਸ਼ੀਆ ਹਾਈਟੈੱਕ ਨਾਕੇ 'ਤੇ ਟ੍ਰੈਵਲ ਏਜੰਟ ਦਾ ਕੰਮ ਕਰਦੇ ਤਿੰਨ ਨੌਜਵਾਨਾਂ ਕੋਲੋਂ ਤਿੰਨ ਪਾਸਪੋਰਟ ਤੇ 90 ਲੱਖ ਰੁਪਏ, ਇਕ ਇਨੋਵਾ ਗੱਡੀ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਸਬ-ਡਵੀਜ਼ਨ ਆਦਮਪੁਰ ਦੇ ਡੀਐੱਸਪੀ ਸਰਬਜੀਤ ਰਾਏ ਨੇ ਦੱਸਿਆ ਕਿ ਥਾਣਾ ਮੁਖੀ ਰਛਪਾਲ ਸਿੰਘ ਸਿੱਧੂ, ਏਐੱਸਆਈ ਰਣਜੀਤ ਸਿੰਘ ਨੇ ਪੁਲਿਸ ਸਮੇਤ ਕੁਰੇਸ਼ੀਆਂ ਹਾਈਟੈਕ ਨਾਕੇ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਰੋਜ਼ਾਨਾ ਦੀ ਤਰ੍ਹਾਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਟਾਂਡਾ ਸਾਈਡ ਤੋਂ ਆ ਰਹੀ ਇਨੋਵਾ ਪੀਬੀ 08 ਈਜੇ 0060 'ਚ ਸਵਾਰ ਤਿੰਨ ਨੌਜਵਾਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਗੱਡੀ 'ਚ ਪਏ 2 ਬੈਗਾਂ ਵਿਚ 90 ਲੱਖ ਦੀ ਭਾਰਤੀ ਕਰੰਸੀ, 3 ਪਾਸਪੋਰਟ ਜ਼ਬਤ ਕੀਤੇ ਗਏ। ਡੀਐੱਸਪੀ ਸਰਬਜੀਤ ਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੱਡੀ ਵਿਚੋਂ ਬਰਾਮਦ ਕੀਤੇ ਪੈਸਿਆਂ ਤੇ ਪਾਸਪੋਰਟਾਂ ਦੀ ਜਾਣਕਾਰੀ ਦੇਣ 'ਤੇ ਨੌਜਵਾਨ ਕੋਈ ਸਬੂਤ ਨਹੀ ਪੇਸ਼ ਕਰ ਸਕੇ। ਰਾਏ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਪਛਾਣ ਵਿਕਰਮਜੀਤ ਸਿੰਘ ਪੁੱਤਰ ਬਿੰਦਰ ਸਿੰਘ, ਕਰਨ ਪੁੱਤਰ ਜਸਪਾਲ ਭੱਟੀ ਵਾਸੀ ਪਿੰਡ ਚੱਕ ਭਾਮੂ (ਘੋੜੇ ਚੱਕ) ਥਾਣਾ ਦਸੂਹਾ ਤੇ ਆਸ਼ੀਸ਼ ਪੁੱਤਰ ਮਨਜਿੰਦਰ ਵਾਸੀ ਪਿੰਡ ਕਾਲਾ ਸੰਿਘਆ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਪਿੰਡ ਜਲਾਲ ਡੋਗਰਾ ਥਾਣਾ ਬੇਗੋਵਾਲ ਦਾ ਵਸਨੀਕ ਸਰਬਜੀਤ ਸਿੰਘ ਸਾਬੀ ਜੋ ਬਿਨਾਂ ਲਾਇਸੈਂਸ ਤੋਂ ਟ੍ਰੈਵਲ ਏਜੰਟ ਦਾ ਕੰਮ ਕਰਦਾ ਹੈ ਤੇ ਉਸ ਦੇ ਇਸ ਨਾਜਾਇਜ ਕਾਰੋਬਾਰ 'ਚ ਪੈਸਿਆਂ ਦੇ ਲੈਣ-ਦੇਣ ਤੇ ਪਾਸਪੋਰਟ ਸਪਲਾਈ ਕਰਨ ਦਾ ਕੰਮ ਭਾਣਜਾ ਵਿਕਰਮਜੀਤ ਸਿੰਘ ਤੇ ਉਸ ਦੇ ਦੋਸਤ ਕਰਨ ਕਰਦਾ ਹੈ ਤੇ ਤੀਸਰਾ ਨੌਜਵਾਨ ਆਸ਼ੀਸ਼ ਡਰਾਈਵਰ ਵਜੋਂ ਗੱਡੀ ਚਲਾਉਂਦਾ ਹੈ। ਡੀਐੱਸਪੀ ਸਰਬਜੀਤ ਰਾਏ ਨੇ ਦੱਸਿਆ ਕਿ ਥਾਣਾ ਭੋਗਪੁਰ ਨੇ ਤਿੰਨੇ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਫੜੇ ਗਏ ਪੈਸਿਆਂ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਜਲੰਧਰ ਨੂੰ ਦੇ ਦਿੱਤੀ ਹੈ।
ਪੁਲਸ ਵਿਭਾਗ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਾਕਾਬੰਦੀ ਦੌਰਾਨ ਇਨੋਵਾ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ। ਬਿਕਰਮਜੀਤ ਸਿੰਘ ਵਾਸੀ ਦਸੂਹਾ, ਕਰਨ ਭੱਟੀ ਵਾਸੀ ਦਸੂਹਾ ਅਤੇ ਕਾਲਾ ਸੰਘਿਆ ਵਾਸੀ ਅਸ਼ੀਸ਼ ਸਵਾਰ ਸਨ। ਇਨੋਵਾ ਗੱਡੀ ਦੀ ਤਲਾਸ਼ੀ ਲੈਣ 'ਤੇ 90 ਲੱਖ ਰੁਪਏ ਦੇ ਭਾਰਤੀ ਰੁਪਏ ਬਰਾਮਦ ਹੋਏ। ਇਸ ਤੋਂ ਇਲਾਵਾ ਇੱਕ ਪਾਸਪੋਰਟ ਵੀ ਬਰਾਮਦ ਹੋਇਆ ਹੈ।ਦੱਸਿਆ ਗਿਆ ਹੈ ਕਿ ਇਹ ਪੈਸਾ ਟਰੈਵਲ ਏਜੰਟਾਂ ਦਾ ਹੈ, ਜਿਸ ਦਾ ਕੋਈ ਰਿਕਾਰਡ ਨਹੀਂ ਹੈ।
0 Comments