ਜਲੰਧਰ, 2 ਅ੍ਪੈਲ, (ਵਿਜੈ ਕੁਮਾਰ ਰਮਨ) : - ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਚੋਰੀ ਤੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਕੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਦਕਿ ਇਨ੍ਹਾਂ ਦੇ ਹੋਰ ਸਾਥੀ ਫਰਾਰ ਹਨ। ਇਸ ਸਬੰਧੀ ਪ੍ਰਰੈੱਸ ਕਾਨਫਰੰਸ ਰਾਹੀਂ ਥਾਣਾ ਮਕਸੂਦਾਂ ਦੇ ਮੁਖੀ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਗੁਰਪ੍ਰਤਾਪ ਸਿੰਘ, ਰਵਿੰਦਰ ਸਿੰਘ, ਬਿਕਰਮ ਨੇਪਾਲੀ, ਰਾਹੁਲ ਵਾਸੀ ਬੁਲੰਦਪੁਰ, ਜਲੰਧਰ, ਨੇਪਾਲੀ ਵਾਸੀ ਜਲੰਧਰ ਨੇੜੇ ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਨੇ ਗਿਰੋਹ ਬਣਾਇਆ ਹੋਇਆ ਹੈ। ਜੋ ਬੰਦ ਪਈਆਂ ਕੋਠੀਆਂ, ਘਰਾਂ ਤੇ ਫੈਕਟਰੀਆਂ 'ਚੋਂ ਸਾਮਾਨ ਚੋਰੀ ਕਰਕੇ ਘੱਟ ਰੇਟ 'ਚ ਸਾਮਾਨ ਵੇਚ ਦਿੰਦੇ ਹਨ। ਕੁਝ ਦਿਨ ਪਹਿਲਾਂ ਪੰਜਾਬੀ ਬਾਗ 'ਚ ਐੱਨਆਰਆਈ ਅਵਤਾਰ ਮੁੰਡੀ ਦੀ ਬੰਦ ਕੋਠੀ 'ਚੋਂ ਚੋਰੀ ਕਰਨ ਤੋਂ ਪਹਿਲਾਂ ਸ਼ਰਾਬ ਦਾ ਸੇਵਨ ਕੀਤਾ ਤੇ ਉਸ 'ਚੋਂ 8 ਪੱਖੇ, 2 ਗੀਜਰ, 3 ਐੱਲਸੀਡੀ, ਆਰਓ, ਇਕ ਡਿਨਰ ਸੈੱਟ, ਤਿੰਨ ਗੈਸ ਸਿੰਲਡਰ, ਇਕ ਵੱਡਾ ਓਵਨ, ਪਾਣੀ ਵਾਲੀਆਂ ਟੂਟੀਆ, ਇਕ ਵੱਡਾ ਹੀਟਰ, ਜੂਸਰ, 3 ਅਟੈਚੀ ਚੋਰੀ ਕਰਨ ਤੇ ਏਐੱਸਆਈ ਰਜਿੰਦਰ ਸਿੰਘ ਵੱਲੋਂ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਵੱਲੋਂ ਪੰਜਾਬੀ ਬਾਗ ਅੱਡੇ ਨੇੜਿਓਂ ਗੁਰਪ੍ਰਤਾਪ ਸਿੰਘ ਵਾਸੀ ਪੰਜਾਬੀ ਬਾਗ ਬੁਲੰਦਪੁਰ ਤੇ ਰਵਿੰਦਰ ਸਿੰਘ ਵਾਸੀ ਪੰਜਾਬੀ ਬਾਗ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲਾਲ ਰੰਗ ਦਾ ਪਲਸਰ ਮੋਟਰਸਾਈਕਲ, ਗਰਿਲਡ ਓਵਨ, ਸਟੈਬਲਾਈਜ਼ਰ, 1 ਹੀਟਰ, 1 ਐੱਲਸੀਡੀ, ਮਿਕਸੀ, ਜੂਸਰ, ਗੀਜਰ, 2 ਕੈਮਰਾ, 1 ਏਸੀ, 2 ਬੈਗ ਤੇ 2 ਬਰੀਫ ਕੇਸ ਸਮੇਤ ਕੱਪੜੇ ਬਰਾਮਦ ਕੀਤੇ ਗਏ ਹਨ। ਕਾਬੂ ਕੀਤੇ ਗਏ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਕੋਲੋਂ ਹੋਰ ਗੰਭੀਰਤਾ ਵਰਦਾਤਾਂ ਦੀ ਪੁੱਛ-ਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫਰਾਰ ਇਨ੍ਹਾਂ ਦੇ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।"
0 Comments