*10,000 ਰੁਪਏ ਦੀ ਰਿਸ਼ਵਤ ਮੰਗਦਾ ਵਸੀਕਾ ਨਵੀਸ (ਡੀਡ ਰਾਈਟਰ) ਵਿਜੀਲੈਂਸ ਬਿਊਰੋ ਵੱਲੋਂ ਕਾਬੂ*

*10,000 ਰੁਪਏ ਦੀ ਰਿਸ਼ਵਤ ਮੰਗਦਾ ਵਸੀਕਾ ਨਵੀਸ (ਡੀਡ ਰਾਈਟਰ) ਵਿਜੀਲੈਂਸ ਬਿਊਰੋ ਵੱਲੋਂ ਕਾਬੂ*
ਚੰਡੀਗੜ੍ਹ, 05 ਜਨਵਰੀ,   (ਵਿਜੈ ਕੁਮਾਰ ਰਮਨ):-  ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਵੀਰਵਾਰ ਨੂੰ ਡੀਡ ਰਾਈਟਰ ਜਸਪਾਲ ਸਿੰਘ, ਵਾਸੀ ਮੁਹੱਲਾ ਕੋਟ ਮੰਗਲ ਸਿੰਘ, ਸ਼ਿਮਲਾਪੁਰੀ, ਲੁਧਿਆਣਾ ਨੂੰ ਮਾਲ ਵਿਭਾਗ ਦੇ ਮੁਲਾਜ਼ਮਾਂ ਦੇ ਨਾਂ 'ਤੇ 10,000 ਰੁਪਏ ਦੀ ਰਿਸ਼ਵਤ ਦੀ ਮੰਗ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ।
 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਬਲਵਿੰਦਰ ਸਿੰਘ ਵਾਸੀ ਈਸ਼ਰ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਤਫ਼ਤੀਸ਼ ਦੇ ਆਧਾਰ 'ਤੇ ਮੁਲਜ਼ਮਾਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। 
 ਸ਼ਿਕਾਇਤਕਰਤਾ ਨੇ ਆਪਣੀ ਔਨਲਾਈਨ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸਨੇ 07.11.2023 ਨੂੰ ਸਬ ਰਜਿਸਟਰਾਰ, ਲੁਧਿਆਣਾ ਸੈਂਟਰਲ ਦੇ ਦਫ਼ਤਰ ਤੋਂ ਨਿਊ ਜਨਤਾ ਨਗਰ, ਲੁਧਿਆਣਾ ਵਿਖੇ ਸਥਿਤ ਆਪਣੇ ਪਲਾਟ ਦੀ ਰਜਿਸਟਰੀ ਕਰਵਾਈ ਸੀ।  ਉਪਰੋਕਤ ਡੀਡ ਰਾਈਟਰ ਸਬ ਰਜਿਸਟਰਾਰ ਲੁਧਿਆਣਾ ਸੈਂਟਰਲ ਦੇ ਕਰਮਚਾਰੀਆਂ ਨੂੰ ਆਪਣਾ ਕੰਮ ਕਰਵਾਉਣ ਦੇ ਬਦਲੇ 10,000 ਰੁਪਏ ਰਿਸ਼ਵਤ ਦੇਣ ਲਈ ਦਬਾਅ ਪਾ ਰਿਹਾ ਸੀ।  ਸ਼ਿਕਾਇਤਕਰਤਾ ਨੇ ਉਕਤ ਦੋਸ਼ੀ ਜਸਪਾਲ ਸਿੰਘ ਨਾਲ ਹੋਈ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਆਡੀਓ ਸਬੂਤਾਂ ਸਮੇਤ ਵਿਜੀਲੈਂਸ ਬਿਊਰੋ ਕੋਲ ਆਨਲਾਈਨ ਸ਼ਿਕਾਇਤ ਦਰਜ ਕਰਵਾਈ।
 ਉਨ੍ਹਾਂ ਅੱਗੇ ਦੱਸਿਆ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਉਕਤ ਮੁਲਜ਼ਮ ਸ਼ਿਕਾਇਤਕਰਤਾ ਤੋਂ ਪਲਾਟ ਦੀ ਰਜਿਸਟਰੀ ਕਰਵਾਉਣ ਬਦਲੇ ਮਾਲ ਵਿਭਾਗ ਦੇ ਮੁਲਾਜ਼ਮਾਂ ਦੇ ਨਾਂ 'ਤੇ 10,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ।  ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਬ ਰਜਿਸਟਰਾਰ (ਕੇਂਦਰੀ), ਲੁਧਿਆਣਾ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।
 ਇਸ ਸਬੰਧੀ ਉਕਤ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Post a Comment

0 Comments