*ਡਿਪਟੀ ਕਮਿਸ਼ਨਰ ਵੱਲੋਂ ਗੁਰੂ ਨਾਨਕ ਪੁਰਾ, ਗੜ੍ਹਾ ਤੇ ਭੋਗਪੁਰ ਵਿਖੇ ਸਭ ਤੋਂ ਵਿਅਸਤ ਰੇਲਵੇ ਕਰਾਸਿੰਗਾਂ 'ਤੇ ਆਰ.ਯੂ.ਬੀ./ਆਰ.ਓ.ਬੀ. ਬਣਾਉਣ ਦੀ ਲੋੜ ’ਤੇ ਜ਼ੋਰ*
*ਸਬੰਧਤ ਵਿਭਾਗਾਂ ਨੂੰ ਸਰਵੇਖਣ ਤੇ ਵਿਸਥਾਰਿਤ ਪ੍ਰਾਜੈਕਟ ਰਿਪੋਰਟਾਂ ਤਿਆਰ ਕਰਨ ਲਈ ਕਿਹਾ*
Post : V news 24
ਜਲੰਧਰ, 15 ਦਸੰਬਰ (ਵਿਜੈ ਕੁਮਾਰ ਰਮਨ) :- ਸ਼ਹਿਰ ਦੀਆਂ ਸਭ ਤੋਂ ਵਿਅਸਤ ਰੇਲਵੇ ਕਰਾਸਿੰਗਾਂ 'ਤੇ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਰੇਲਵੇ ਅਧਿਕਾਰੀਆਂ ਅਤੇ ਲੋਕ ਨਿਰਮਾਣ ਵਿਭਾਗ ਨੂੰ ਅਜਿਹੀਆਂ ਕਰਾਸਿੰਗਾਂ 'ਤੇ ਰੇਲਵੇ ਅੰਡਰ ਬ੍ਰਿਜ (ਆਰ.ਯੂ.ਬੀ.) ਅਤੇ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਦੇ ਨਿਰਮਾਣ ਲਈ ਵਿਸਥਾਰਿਤ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਲਈ ਕਿਹਾ।
ਰੇਲਵੇ, ਸਮਾਰਟ ਸਿਟੀ ਮਿਸ਼ਨ ਅਤੇ ਰਾਜ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੜ੍ਹਾ, ਗੁਰੂ ਨਾਨਕ ਪੁਰਾ ਅਤੇ ਭੋਗਪੁਰ ਸਮੇਤ ਰੇਲਵੇ ਕਰਾਸਿੰਗਾਂ ਨੂੰ ਫਾਟਕ ਬੰਦ ਹੋਣ ਦੇ ਸਮੇਂ ਦੌਰਾਨ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਆਰ.ਯੂ.ਬੀ./ਆਰ.ਓ.ਬੀ. ਦੀ ਜ਼ਰੂਰਤ ਹੈ। ਉਨ੍ਹਾਂ ਰੇਲਵੇ ਅਧਿਕਾਰੀਆਂ ਨੂੰ ਵਿਸ਼ੇਸ਼ ਰੇਲਵੇ ਕਰਾਸਿੰਗ ਲਈ ਆਰ.ਯੂ.ਬੀ. ਢੁੱਕਵਾਂ ਹੈ ਜਾਂ ਆਰ.ਓ.ਬੀ., ਸਬੰਧੀ ਸਰਵੇਖਣ ਕਰਵਾਉਣ ਲਈ ਵੀ ਕਿਹਾ ਤਾਂ ਜੋ ਸਿਫਾਰਸ਼ਾਂ ਅਨੁਸਾਰ ਇੱਕ ਵਿਸਥਾਰਿਤ ਪ੍ਰਾਜੈਕਟ ਰਿਪੋਰਟ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ।ਉਨ੍ਹਾਂ ਨੇ ਕੁਝ ਪ੍ਰਾਜੈਕਟਾਂ ਨੂੰ ਸਮਾਰਟ ਸਿਟੀ ਮਿਸ਼ਨ ਤਹਿਤ ਸ਼ੁਰੂ ਕਰਨ 'ਤੇ ਵੀ ਜ਼ੋਰ ਦਿੱਤਾ ਅਤੇ ਸਬੰਧਿਤ ਅਧਿਕਾਰੀਆਂ ਨੂੰ ਪ੍ਰਾਜੈਕਟ ਦੇ ਵੇਰਵੇ ਸਮਾਰਟ ਸਿਟੀ ਮੈਨੇਜਮੈਂਟ ਨਾਲ ਸਾਂਝੇ ਕਰਨ ਦੇ ਨਿਰਦੇਸ਼ ਦਿੱਤੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਪੀ.ਏ.ਪੀ. ਫਲਾਈਓਵਰ ਨੂੰ ਚੌੜਾ ਕਰਨ ਦੀ ਪ੍ਰਕਿਰਿਆ ਦੀ ਤਾਜ਼ਾ ਸਥਿਤੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ, ਜਿਸ ਸਦਕਾ ਇਸ ਵਿਅਸਤ ਟ੍ਰੈਫਿਕ ਜੰਕਸ਼ਨ ਤੋਂ ਲੰਘਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਲੱਖਾਂ ਯਾਤਰੀਆਂ ਵੱਲੋਂ ਇਸ ਟ੍ਰੈਫਿਕ ਜੰਕਸ਼ਨ ਨੂੰ ਆਵਾਜਾਈ ਦੇ ਪੁਆਇੰਟ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਹੋਰ ਸੂਬਿਆਂ ਦੇ ਵੱਡੀ ਗਿਣਤੀ ਵਾਹਨ ਰੋਜ਼ਾਨਾ ਇਸ ਚੌਕ ਤੋਂ ਗੁਜ਼ਰਦੇ ਹਨ। ਉਨ੍ਹਾਂ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਨੂੰ ਮਿਸ਼ਨ ਪੱਧਰ 'ਤੇ ਪੂਰਾ ਕਰਨ ਲਈ ਕਿਹਾ ਤਾਂ ਜੋ ਲੋਕਾਂ ਨੂੰ ਜਲਦੀ ਤੋਂ ਜਲਦੀ ਸਹੂਲਤ ਦਿੱਤੀ ਜਾ ਸਕੇ। ਮੀਟਿੰਗ ਵਿੱਚ ਰੇਲਵੇ, ਨਗਰ ਨਿਗਮ, ਲੋਕ ਨਿਰਮਾਣ ਵਿਭਾਗ, ਐਨ.ਐਚ.ਏ.ਆਈ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
0 Comments