*ਸੁਖਬੀਰ ਬਾਦਲ ਨੂੰ ਮਾਈਨਿੰਗ ਵਾਲੀ ਥਾਂ 'ਤੇ ਜਾਣ ਤੋਂ ਰੋਕਣ ਲਈ ਮਾਫੀਆ ਨੇ ਪਹਿਲਾ ਹੀ ਪੁੱਟ ਦਿੱਤੇ ਟੋਏ*
*ਕਿਹਾ, ਕੇੈਪਟਨ ਤੇ ਸਰਕਾਰੀਆ ਦੱਸਣ ਕਿ ਕਿਹੜੇ ਨਿਯਮਾਂ ਤਹਿਤ 200 ਫੁੱਟ ਡੂੰਘਾਈ ਤੱਕ ਰੇਤਾਂ ਕੱਢਣ ਲਈ ਪੁਟਾਈ ਦੀ ਆਗਿਆ ਹੈ*
ਹੁਸ਼ਿਆਰਪੁਰ, 3 ਜੁਲਾਈ (ਗੁਰਪ੍ਰੀਤ ਸਿੰਘ ਡਾਂਡੀਆਂ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਬਿਆਸ ਨੇੜੇ ਹੁੰਦੀ ਮਾਈਨਿੰਗ 'ਤੇ ਛਾਪਾ ਮਾਰਨ ਤੋਂ ਬਾਅਦ ਅੱਜ ਮੁਕੇਰੀਆਂ ਨੇੜੇ ਹੋ ਰਹੀ ਮਾਈਨਿੰਗ 'ਤੇ ਛਾਪਾ ਮਾਰ ਕੇ ਕਥਿਤ ਰੇਤ ਮਾਈਨਿੰਗ ਦਾ ਪਰਦਾਫਾਸ਼ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਾਇਨਿੰਗ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਆਖਿਆ ਕਿ ਉਹ ਦੱਸਣ ਕਿ ਕਿਹੜੇ ਨਿਯਮਾਂ ਤਹਿਤ 200 ਫੁੱਟ ਤੱਕ ਰੇਤ ਦੀ ਖੁਦਾਈ ਦੀ ਆਗਿਆ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਉਨਾ ਦੇ ਹਲਕੇ ਦੇ ਅਨੇਕਾਂ ਪਿੰਡਾਂ ਵਿਚ ਰੇਤ ਮਾਫੀਆ ਜ਼ਿਲ੍ਹਾ ਪੁਲਿਸ ਤੇ ਮਾਇਨਿੰਗ ਵਿਭਾਗ ਨਾਲ ਰਲ ਕੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ।ਧਾਮੀਆਂ, ਸੰਧਵਾਲ ਤੇ ਬ੍ਰਿਗਾਂਲੀ ਪਿੰਡਾਂ ਵਿਚ ਰੇਤ ਮਾਫੀਆ ਵੱਲੋਂ ਡੂੰਘਾਈ ਤੱਕ ਰੇਤ ਕੱਢਣ ਲਈ ਕੀਤੀ ਪੁਟਾਈ ਕਾਰਨ ਵਾਹਨ ਅੱਗੇ ਨਾ ਜਾ ਸਕਣ ਦੇ ਹਾਲਾਤ ਨੂੰ ਵੇਖਦਿਆਂ ਕਈ ਕਿਲੋਮੀਟਰ ਤੱਕ ਤੁਰ ਕੇ ਗਏ ਸੁਖਬੀਰ ਬਾਦਲ ਨੇ ਕਿਹਾ ਕਿ ਅਜਿਹੀਆਂ ਤਰਕੀਬਾਂ ਅਕਾਲੀ ਦਲ ਨੂੰ ਰੇਤ ਮਾਫੀਆ ਬੇਨਕਾਬ ਕਰਨ ਤੋਂ ਨਹੀਂ ਰੋਕ ਸਕਦੀਆਂ ਜਦਕਿ ਰੇਤ ਮਾਫੀਆ ਦੇ ਤਾਰ ਮੁੱਖ ਮੰਤਰੀ ਦਫਤਰ ਤੇ ਏ ਆਈ ਸੀ ਸੀ ਤੱਕ ਜੁੜੇ ਹੋਏ ਹਨ। ਉਹਨਾਂ ਵੇਖਿਆ ਕਿ 10 ਤੋਂ ਜ਼ਿਆਦਾ ਪਿੰਡਾਂ ਵਿਚ ਮਾਫੀਆ ਨੇ ਤਬਾਹੀ ਮਚਾਈ ਹੋਈ ਹੈ ਤੇ ਸਰਕਾਰ ਨੂੰ ਇਸਦੀ ਬਿਲਕੁਲ ਵੀ ਪ੍ਰਵਾਹ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਵੀ ਸਥਾਨਕ ਪੁਲਿਸ ਨੇ ਮਾਫੀਆ ਦੀ ਮੱਦਦ ਕੀਤੀ ਤੇ ਉਹਨਾਂ ਨੂੰ ਪਹਿਲਾਂ ਹੀ ਦੌਰੇ ਬਾਰੇ ਜਾਣਕਾਰੀ ਦੇ ਦਿੱਤੀ ਤਾਂ ਜੋ ਉਹ ਮੌਕੇ ਤੋਂ ਭੱਜ ਜਾਣ। ਉਹਨਾਂ ਕਿਹਾ ਕਿ ਮਾਫੀਆ ਨੇ ਇੰਨੀ ਅੱਤ ਚੁੱਕੀ ਹੈ ਕਿਉਂਕਿ ਉਸਨੇ ਡੂੰਘਾਈ ਨਾਲ ਪੁਟਾਈ ਕਰ ਦਿੱਤੀ ਹੈ ਤਾਂ ਜੋ ਅਸੀਂ ਉਹਨਾਂ ਥਾਵਾਂ ’ਤੇ ਪਹੁੰਚ ਹੀ ਨਾ ਸਕੀਏ ਜਿਥੇ ਗੈਰ ਕਾਨੂੰਨੀ ਮਾਇਨਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮਾਫੀਆ ਨੇ ਕੱਚੀ ਸੜਕ ਪੁੱਟ ਕੇ ਬਾਹਰ ਨਿਕਲਣ ਦਾ ਰਾਹ ਵੀ ਬੰਦ ਕਰਨ ਦਾ ਯਤਨ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਨਿਯਮਾਂ ਤਹਿਤ ਸਿਰਫ 10 ਫੁੱਟ ਤੱਕ ਪੁਟਾਈ ਦੀ ਆਗਿਆ ਹੈ ਪਰ ਰੇਤ ਮਾਫੀਆ ਨੇ 200 ਫੁੱਟ ਤੱਕ ਡੂੰਘੀ ਪੁਟਾਈ ਕੀਤੀ ਹੋਈ ਹੈ, ਜਿਸ ਕਾਰਨ ਇਲਾਕੇ ਵਿਚ ਝੀਲ ਬਣ ਗਈ ਹੈ ਤੇ ਇਸ ਵਿਚ ਪਾਣੀ ਭਰ ਗਿਆ ਹੈ। ਉਹਨਾਂ ਦੱਸਿਆ ਕਿ ਐਨ ਜੀ ਓਜ਼ ਤੇ ਪਿੰਡ ਵਾਲੇ ਜੋ ਮੌਕੇ ’ਤੇ ਹਾਜ਼ਰ ਸਨ, ਨੇ ਦੱਸਿਆ ਕਿ ਗੈਰ ਕਾਨੂੰਨੀ ਮਾਇਨਿੰਗ ਕਾਂਗਰਸੀ ਵਿਧਾਇਕ ਦਰਸ਼ਨ ਬਰਾੜ ਦੇ ਪੁੱਤਰ ਗੁਰਜੰਟ ਸਿੰਘ ਵੱਲੋਂ ਸਥਾਨਕ ਵਿਧਾਇਕ ਇੰਦੂ ਬਾਲਾ ਤੇ ਪੁਲਿਸ ਤੇ ਮਾਇਨਿੰਗ ਵਿਭਾਗ ਨਾਲ ਰਲ ਕੇ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵੀ ਮਾਫੀਆ ਦਾ ਬਚਾਅ ਕਰ ਰਿਹਾ ਹੈ।ਸਰਦਾਰ ਬਾਦਲ ਨਾਲ ਗੱਲਬਾਤ ਕਰਦਿਆਂ ਗੁਰੂ ਨਾਨਕ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕਿਰਪਾਲ ਸਿੰਘ ਗੇਰਾ ਨੇ ਕਿਹਾ ਕਿ ਸੁਸਾਇਟੀ ਲੰਬੇ ਸਮੇਂ ਤੋਂ ਰੇਤ ਮਾਫੀਆ ਦੇ ਖਿਲਾਫ ਸ਼ਿਕਾਇਤਾਂ ਕਰ ਰਹੀ ਹੈ ਪਰ ਸਥਾਨਕ ਪੁਲਿਸ ਤੇ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਮਾਇਨਿੰਗ ਦੀ ਕਿਸੇ ਵੀ ਸ਼ਿਕਾਇਤ ’ਤੇ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ। ਮੌਕੇ ’ਤੇ ਹਾਜ਼ਰ ਹੋਰ ਲੋਕਾਂ ਨੇ ਦੱਸਿਆ ਕਿ ਗੈਰ ਕਾਨੂੰਨੀ ਮਾਇਨਿੰਗ ਕਾਰਨ ਉਹਨਾਂ ਦੀ ਜ਼ਮੀਨ ਤਬਾਹ ਹੋ ਗਈ ਹੈ ਤੇ ਮੌਕੇ ’ਤੇ ਕੱਚੀ ਸੜਕ ਜਿਸ ਨਾਲ ਇਕ ਪਿੰਡ ਤੋਂ ਦੂਜੇ ਪਿੰਡ ਜਾਇਆ ਜਾਂਦਾ ਸੀ, ਉਹ ਵੀ ਖਰਾਬ ਹੋ ਗਈ ਹੈ। ਇਕ ਸ਼ਿਕਾਇਤ ਕਰਤਾ ਬੀਬੀ ਸੁਰਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੀ 25 ਏਕੜ ਜ਼ਮੀਨ ਵਿਚੋਂ ਮਾਫੀਆ ਨੇ ਗੈਰ ਕਾਨੂੰਨੀ ਢੰਗ ਨਾਲ ਰੇਤਾ ਕੱਢ ਲਿਆ ਹੈ। ਸਥਾਨਕ ਟਰੱਕਾਂ ਵਾਲੇ ਤੇ ਗੁਆਂਢੀ ਹਿਮਾਚਲ ਪ੍ਰਦੇਸ਼ ਵਿਚ ਕੰਮ ਕਰਨ ਵਾਲੇ ਵੀ ਮੌਕੇ ’ਤੇ ਪਹੁੰਚ ਗਏ ਤੇ ਉਹਨਾਂ ਸ਼ਿਕਾਇਤ ਕੀਤੀ ਕਿ ਮਾਫੀਆ ਉਹਨਾਂ ਤੋਂ ਗੁੰਡਾ ਟੈਕਸ ਵਸੂਲ ਰਿਹਾ ਹੈ। ਹਿਮਾਚਲ ਦੇ ਅਪਰੇਟਰਾਂ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ ਅਤੇ ਉਹ ਹਿਮਾਚਲ ਤੋਂ ਰੇਤਾ ਪੰਜਾਬ ਲੈ ਕੇ ਆਉਂਦੇ ਹਨ ਤਾਂ 10 ਹਜ਼ਾਰ ਰੁਪਏ ਪ੍ਰਤੀ ਟਰੱਕ ਗੁੰਡਾ ਟੈਕਸ ਦੇਣਾ ਪੈਂਦਾ ਹੈ। ਇਸ ਦੌਰਾਨ ਸੁਖਬੀਰ ਬਾਦਲ, ਜਿਹਨਾਂ ਦੇ ਨਾਲ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਯੂਥ ਆਗੂ ਸਰਬਜੋਤ ਸਿੰਘ ਸਾਬੀ ਵੀ ਸਨ, ਨੇ ਕਿਹਾ ਕਿ ਅਕਾਲੀ ਦਲ ਮਾਫੀਆ ਨੂੰ ਬੇਨਕਾਬ ਕਰਨਾ ਜਾਰੀ ਰੱਖੇਗਾ ਤੇ ਉਹ ਆਪਣੇ ਆਗੂਆਂ ਖਿਲਾਫ ਕੇਸ ਦਰਜ ਹੋਣ ਤੋਂ ਡਰਨ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਦੋ ਦਿਨ ਪਹਿਲਾਂ ਬਿਆਸ ਵਿਖੇ ਗੈਰ ਕਾਨੂੰਨੀ ਮਾਇਨਿੰਗ ਬੇਨਕਾਬ ਕੀਤੀ ਸੀ ਤਾਂ ਉਸ ਵੇਲੇ ਸਕੱਤਰ ਮਾਇਨਿੰਗ ਸਰਵਜੀਤ ਸਿੰਘ ਨੇ ਗਤੀਵਿਧੀ ਨੂੰ ਵਾਜਬ ਠਹਿਰਾਉਣ ਦਾ ਯਤਨ ਕੀਤਾ ਸੀ। ਉਹਨਾਂ ਕਿਹਾ ਕਿ ਉਹ ਜਾਨਣਾ ਚਾਹੁੰਦੇ ਹਨ ਕਿ ਕੀ ਹੁਣ ਸਕੱਤਰ ਮਾਇਨਿੰਗ ਵਿਭਾਗ ਵਜੋਂ ਉਹ 200 ਫੁੱਟ ਤੱਕ ਪੁਟਾਈ ਨੁੰ ਵਾਜਬ ਠਹਿਰਾਉਣਗੇ? ਸ. ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 1000 ਕਰੋੜ ਰੁਪਏ ਦੀ ਗੈਰ ਕਾਨੂੰਨੀ ਰੇਤ ਮਾਇਨਿੰਗ ਦੀ ਪ੍ਰਧਾਨਗੀ ਕੀਤੀ ਹੈ। ਉਨਾ ਕਿਹਾ ਕਿ ਸੂਬੇ ਵਿਚ ਅਕਾਲੀ ਸਰਕਾਰ ਬਣਦਿਆਂ ਹੀ ਅਸੀਂ ਇਹ ਪੈਸਾ ਵਸੂਲ ਕਰਾਂਗੇ ਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਾਂਗੇ।
0 Comments